ਪੰਜਾਬ ਪੁਲਿਸ ਦੀ ADS ਟੀਮ ਨੇ ਸ਼ੱਕੀ ਉੱਡਦੀ ਵਸਤੂ ਦੇਖਣ ਤੋਂ ਬਾਅਦ BSF ਨੂੰ ਕੀਤਾ ਸੂਚਿਤ, ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਖੇਤ ’ਚੋਂ ਮਿਲਿਆ ਪੈਕੇਟ
ਆਰ ਐਮ ਗਲੋਬਲ ਟੀਵੀ
ਗੁਰਦਾਸਪੁਰ। ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨੇੜੇ ਸ਼ੱਕੀ ਉੱਡਦੀ ਵਸਤੂ ਦਿਖਾਈ ਦੇਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੱਲੋਂ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਇਕ ਪੀਲੇ ਰੰਗ ਦਾ ਸ਼ੱਕੀ ਪੈਕੇਟ ਬਰਾਮਦ ਕੀਤਾ ਗਿਆ ਹੈ। ਪੈਕੇਟ ਦਾ ਵਜ਼ਨ 1013 ਗ੍ਰਾਮ ਦੱਸਿਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ 21 ਨਵੰਬਰ 2026 ਨੂੰ ਰਾਤ ਕਰੀਬ 9 ਵੱਜ ਕੇ 10 ਮਿੰਟ ’ਤੇ ਪੰਜਾਬ ਪੁਲਿਸ ਦੀ ADS ਟੀਮ ਨੇ BOP ਚੰਦੂਵਡਾਲਾ ਦੇ ਅਧਿਕਾਰ ਖੇਤਰ ਵਿੱਚ ਇਕ ਸ਼ੱਕੀ ਉੱਡਦੀ ਵਸਤੂ ਦੀ ਹਲਚਲ ਦੇਖੀ। ਇਸ ਸਬੰਧੀ ਤੁਰੰਤ ਸੀਮਾ ਸੁਰੱਖਿਆ ਬਲ (BSF) ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਵੱਲੋਂ ਸਾਂਝੇ ਤੌਰ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ।
ਤਲਾਸ਼ੀ ਦੌਰਾਨ ਪਿੰਡ ਡਿਡੋਵਾਲ ਨੇੜੇ ਇਕ ਖੇਤ ਵਿੱਚੋਂ ਪੀਲੇ ਰੰਗ ਦਾ ਪੈਕੇਟ ਮਿਲਿਆ। ਇਸ ਦੀ ਬਰਾਮਦਗੀ ਵਾਲੀ ਥਾਂ ਸਰਹੱਦ ਤੋਂ ਕਰੀਬ ਦੋ ਕਿਲੋਮੀਟਰ, ਕੰਡਿਆਲੀ ਤਾਰ ਤੋਂ 1.8 ਕਿਲੋਮੀਟਰ ਅਤੇ BOP ਚੰਦੂਵਡਾਲਾ ਤੋਂ 1.6 ਕਿਲੋਮੀਟਰ ਦੂਰ ਦੱਸੀ ਗਈ ਹੈ। ਪੈਕੇਟ ਦੀ ਬਰਾਮਦਗੀ ਸਬੰਧੀ ਅਗਲੀ ਜਾਂਚ ਕੀਤੀ ਜਾ ਰਹੀ ਹੈ।
Author: Rm Global Tv

