ਪਿੰਡ ਅਵਾਂਖਾ ਨੂੰ ਨਸ਼ੇ ਦੀ ਮੰਡੀ ਦੱਸਣ ਵਾਲੇ ‘ਆਪ’ ਆਗੂਆਂ ਦੇ ਦਾਅਵੇ ਦੀ ਸੱਚਾਈ ਜਾਣਨ ਲਈ ਕਾਂਗਰਸੀ ਵਿਧਾਇਕਾ ਨੇ ਐਸਐਸਪੀ ਗੁਰਦਾਸਪੁਰ ਸਮੇਤ ਵੱਡੇ ਪੁਲਿਸ ਅਧਿਕਾਰੀਆਂ ਨੂੰ ਲਿਖਿਆ

 

ਕਿਹਾ ‘ਜੇਕਰ ਦੋਸ਼ ਸੱਚੇ ਹਨ ਤਾਂ ਨਸ਼ਾ ਤਸਕਰਾਂ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ’,, ਲੇਕਿਨ ਜੇਕਰ ਦੋਸ਼ ਚੋਣਾਂ ਦੇ ਮੱਦੇਨਜ਼ਰ ਕਿਸੇ ਦੀ ਸਾਖ਼ ਖ਼ਰਾਬ ਕਰਨ ਲਈ ਲਗਾਏ ਗਏ ਹਨ ਤਾਂ ਸਬੰਧਿਤ ਵਿਅਕਤੀਆਂ ’ਤੇ ਹੋਵੇ ਢੁੱਕਵੀਂ ਕਾਰਵਾਈ

ਨਸ਼ਿਆਂ ਦੀ ਤਸਕਰੀ ਦਾ ਮੁੱਦਾ ਗੰਭੀਰ ਹੈ ਪਰ ਇਸਨੂੰ ਗ਼ੈਰ-ਜ਼ਿੰਮੇਵਾਰਾਨਾ ਦੋਸ਼ਾਂ ਜਾਂ ਸਿਆਸੀ ਚਿੱਕੜ-ਉਛਾਲੀ ਦਾ ਵਿਸ਼ਾ ਨਹੀਂ ਬਣਨ ਦਿੱਤਾ ਜਾਵੇਗਾ : ਅਰੁਣਾ ਚੌਧਰੀ
ਆਰ ਐਮ ਗਲੋਬਲ ਟੀਵੀ

ਗੁਰਦਾਸਪੁਰ।  ਸੋਸ਼ਲ ਮੀਡੀਆ ’ਤੇ ਵੀਡੀਓ ਪੋਸਟ ਕਰਕੇ ਪਿੰਡ ਅਵਾਂਖਾ ’ਚ ਨਸ਼ੇ ਦੀ ਮੰਡੀ ਚੱਲਣ ਦਾ ਦਾਅਵਾ ਕਰਨ ਵਾਲੇ ਸੱਤਾਧਾਰੀ ਪਾਰਟੀ ਦੇ ਦੋ ਆਗੂਆਂ ਦੇ ਦਾਅਵੇ ਦੀ ਪੁਸ਼ਟੀ ਲਈ ਦੀਨਾਨਗਰ ਦੀ ਕਾਂਗਰਸੀ ਵਿਧਾਇਕਾ ਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਉਪ ਨੇਤਾ ਅਰੁਣਾ ਚੌਧਰੀ ਨੇ ਐਸਐਸਪੀ ਗੁਰਦਾਸਪੁਰ ਸਮੇਤ ਆਈਜੀ ਬਾਰਡਰ ਅੰਮ੍ਰਿਤਸਰ, ਏਡੀਸੀ (ਡੀ) ਗੁਰਦਾਸਪੁਰ, ਡੀਐਸਪੀ ਅਤੇ ਐਸਐਚਓ ਦੀਨਾਨਗਰ ਨੂੰ ਤੁਰੰਤ ਕਾਰਵਾਈ ਲਈ ਲਿਖਿਆ ਹੈ।
ਅਰੁਣਾ ਚੌਧਰੀ ਨੇ ਇਸ ਮਾਮਲੇ ਨੂੰ ਬੇਹੱਦ ਗੰਭੀਰਤਾ ਨਾਲ ਲੈਂਦਿਆਂ ਕਿਹਾ ਹੈ ਕਿ ਦੀਨਾਨਗਰ ਦੇ ਰਹਿਣ ਵਾਲੇ ਗਗਨ ਸ਼ਰਮਾ ਅਤੇ ਪਿੰਦਰਪਾਲ ਸਿੰਘ ਨਾਮਕ ਵਿਅਕਤੀ ਜੋ ਸੱਤਾਧਾਰੀ ਆਮ ਆਦਮੀ ਪਾਰਟੀ ਨਾਲ ਸਬੰਧਤ ਦੱਸੇ ਜਾਂਦੇ ਹਨ, ਨੇ ਕੁਝ ਵੀਡੀਓ ਪੋਸਟਾਂ ਪਾ ਕੇ ਇੱਕ ਭਾਜਪਾ ਆਗੂ ਸਮੇਤ ਉਨ੍ਹਾਂ ਦੀ ਰਿਹਾਇਸ਼ ਨੇੜੇ ਸ਼ਰੇਆਮ ਨਸ਼ੇ ਵੇਚੇ ਜਾਣ ਦੇ ਗੰਭੀਰ ਦੋਸ਼ ਲਗਾਏ ਹਨ, ਜਿਨ੍ਹਾਂ ਦੀ ਤੁਰੰਤ ਜਾਂਚ ਹੋਵੇ ਅਤੇ ਸੱਚਾਈ ਨੂੰ ਸਾਹਮਣੇ ਲਿਆਂਦਾ ਜਾਵੇ। ਵਿਧਾਇਕਾ ਨੇ ਪੁਲਿਸ ਅਧਿਕਾਰੀਆਂ ਨੂੰ ਸਖ਼ਤੀ ਨਾਲ ਕਿਹਾ ਹੈ ਕਿ ਜੇਕਰ ਇਨ੍ਹਾਂ ਵੀਡੀਓਜ਼ ਵਿੱਚ ਲਗਾਏ ਗਏ ਦੋਸ਼ ਠੋਸ ਅਤੇ ਪੁਸ਼ਟੀਯੋਗ ਜਾਣਕਾਰੀ ’ਤੇ ਆਧਾਰਿਤ ਹਨ, ਤਾਂ ਇਨ੍ਹਾਂ ਦੀ ਫ਼ੌਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਨਸ਼ਾ ਤਸਕਰੀ ਵਿੱਚ ਸ਼ਾਮਲ ਲੋਕਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਭਾਵੇਂ ਉਨ੍ਹਾਂ ਦੀ ਪਛਾਣ ਜਾਂ ਪ੍ਰਭਾਵ ਕੁਝ ਵੀ ਹੋਵੇ। ਲੇਕਿਨ ਜੇਕਰ ਇਹ ਦੋਸ਼ ਸਿਰਫ਼ ਅਫ਼ਵਾਹਾਂ, ਅੰਦਾਜ਼ਿਆਂ ਜਾਂ ਅਣਪ੍ਰਮਾਣਿਤ ਜਾਣਕਾਰੀ ’ਤੇ ਆਧਾਰਿਤ ਹਨ ਅਤੇ ਇਨ੍ਹਾਂ ਦਾ ਮਕਸਦ ਸਿਰਫ਼ ਦਹਿਸ਼ਤ ਫੈਲਾ ਕੇ ਆਮ ਜਨਤਾ ਨੂੰ ਗੁੰਮਰਾਹ ਕਰਨਾ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਨਤਕ ਨੁਮਾਇੰਦਿਆਂ ਦੀ ਸਾਖ ਨੂੰ ਖ਼ਰਾਬ ਕਰਨਾ ਹੈ ਤਾਂ ਅਜਿਹੀ ਗੁੰਮਰਾਹਕੁੰਨ ਜਾਣਕਾਰੀ ਫੈਲਾਉਣ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ’ਭਾਰਤੀ ਨਿਆ ਸੰਹਿਤਾ’ ਅਤੇ ‘ਸੂਚਨਾ ਤਕਨਾਲੋਜੀ ਐਕਟ, 2000’ ਦੀਆਂ ਸਬੰਧਿਤ ਧਾਰਾਵਾਂ ਤਹਿਤ ਢੁੱਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਪਿੰਡ ਅਵਾਂਖਾ ਵਿੱਚ ਨਸ਼ਿਆਂ ਦੀ ਖੁੱਲ੍ਹੇਆਮ ਵਿਕਰੀ ਹੋਣ ਦੇ ਦੋਸ਼ ਲਗਾਉਣ ਵਾਲੇ ਗਗਨ ਸ਼ਰਮਾ ਅਤੇ ਪਿੰਦਰਪਾਲ ਸਿੰਘ ਤੋਂ ਨਸ਼ਿਆਂ ਦੀ ਵਿਕਰੀ ਨਾਲ ਸਬੰਧਿਤ ਕਥਿਤ ਗਤੀਵਿਧੀਆਂ ਬਾਰੇ ਵਿਸਤ੍ਰਿਤ ਜਾਣਕਾਰੀ, ਸਬੂਤ ਅਤੇ ਵੇਰਵੇ ਹਾਸਲ ਕੀਤੇ ਜਾਣ ਅਤੇ ਇਸ ਵਿੱਚ ਸ਼ਾਮਲ ਵਿਅਕਤੀਆਂ ਦੇ ਨਾਮ, ਸਥਾਨ, ਸਮਾਂ ਅਤੇ ਉਨ੍ਹਾਂ ਕੋਲ ਮੌਜੂਦ ਕੋਈ ਹੋਰ ਸਹਾਇਕ ਸਮੱਗਰੀ ਬਾਰੇ ਪਤਾ ਵੀ ਪਤਾ ਕੀਤਾ ਜਾਵੇ। ਅਰੁਣਾ ਚੌਧਰੀ ਨੇ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਨਸ਼ਿਆਂ ਦੀ ਤਸਕਰੀ ਦਾ ਮੁੱਦਾ ਬਹੁਤ ਗੰਭੀਰ ਹੈ ਅਤੇ ਇਸਨੂੰ ਗ਼ੈਰ-ਜ਼ਿੰਮੇਵਾਰਾਨਾ ਦੋਸ਼ਾਂ ਜਾਂ ਸਿਆਸੀ ਚਿੱਕੜ-ਉਛਾਲੀ ਦਾ ਵਿਸ਼ਾ ਨਹੀਂ ਬਣਨ ਦਿੱਤਾ ਜਾਵੇਗਾ। ਇਸੇ ਤਰ੍ਹਾਂ ਕਿਸੇ ਵੀ ਵਿਅਕਤੀ ਨੂੰ ਜਨਤਕ ਤੌਰ ’ਤੇ ਅਜਿਹੀ ਜਾਣਕਾਰੀ ਫੈਲਾਉਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਜਾਣੀ ਚਾਹੀਦੀ ਜੋ ਗ਼ੈਰ-ਪ੍ਰਮਾਣਿਤ ਅਤੇ ਗੁੰਮਰਾਹਕੁੰਨ ਹੋਵੇ।
ਵਿਧਾਇਕਾ ਅਰੁਣਾ ਚੌਧਰੀ ਨੇ ਕਿਹਾ ਕਿ ਦੋਸ਼ ਲਗਾਉਣ ਵਾਲਿਆਂ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਪੰਜਾਬ ਵਿੱਚ ਸਰਕਾਰ ਕਾਂਗਰਸ ਦੀ ਨਹੀਂ ਬਲਕਿ ਆਮ ਆਦਮੀ ਪਾਰਟੀ ਦੀ ਹੈ ਅਤੇ ਕਾਨੂੰਨ ਅਤੇ ਵਿਵਸਥਾ ਮੁੱਖ ਤੌਰ ’ਤੇ ਰਾਜ ਦਾ ਵਿਸ਼ਾ ਹੈ, ਜਦੋਂਕਿ ਅੰਤਰਰਾਸ਼ਟਰੀ ਸਰਹੱਦ ਤੋਂ 50 ਕਿਲੋਮੀਟਰ ਦੇ ਘੇਰੇ ਵਿੱਚ ਆਉਣ ਵਾਲਾ ਖੇਤਰ ਭਾਰਤ ਸਰਕਾਰ ਅਤੇ ਇਸ ਦੀਆਂ ਨਾਮਜ਼ਦ ਏਜੰਸੀਆਂ ਦੇ ਅਧਿਕਾਰ ਖੇਤਰ ਅਤੇ ਸੁਰੱਖਿਆ ਸਬੰਧੀ ਜ਼ਿੰਮੇਵਾਰੀਆਂ ਦੇ ਅਧੀਨ ਆਉਂਦਾ ਹੈ। ਇਸ ਲਈ ਜ਼ਿਲ੍ਹਾ ਪੁਲਿਸ ਤੇ ਪ੍ਰਸ਼ਾਸਨ ਦਾ ਇਹ ਫਰਜ਼ ਬਣਦਾ ਹੈ ਕਿ ਉਹ ਇਨ੍ਹਾਂ ਦੋਸ਼ਾਂ ਦਾ ਨੋਟਿਸ ਲਵੇ ਅਤੇ ਬਿਨਾਂ ਕਿਸੇ ਦੇਰੀ ਦੇ ਅਸਲ ਤੱਥਾਂ ਦਾ ਪਤਾ ਲਗਾਵੇ।
ਵਿਧਾਇਕਾ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਹੈ ਕਿ ਇਸ ਮਾਮਲੇ ਨੂੰ ਅਤਿ ਜ਼ਰੂਰੀ ਸਮਝਿਆ ਜਾਵੇ ਅਤੇ ਇੱਕ ਨਿਰਪੱਖ ਅਤੇ ਨਿਸ਼ਚਿਤ ਸਮਾਂ ਸੀਮਾ ਦੇ ਅੰਦਰ ਜਾਂਚ ਨੂੰ ਯਕੀਨੀ ਬਣਾ ਕੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅਤੇ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਬਾਰੇ ਉਨ੍ਹਾਂ ਨੂੰ ਜਲਦ ਤੋਂ ਜਲਦ ਸੂਚਿਤ ਕੀਤਾ ਜਾਵੇ।

Rm Global Tv
Author: Rm Global Tv

Facebook
Twitter
LinkedIn
WhatsApp

Leave a Reply

Your email address will not be published. Required fields are marked *