ਗੁਰਦਾਸਪੁਰ। ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ’ਤੇ ਨਰੋਟ ਮਹਿਰਾ ਪੁਲੀ ਨੇੜੇ ਸਰਵਿਸ ਰੋਡ ’ਤੇ ਸਥਿਤ ਐਸਬੀਆਈ ਦੇ ਏਟੀਐਮ ਨੂੰ ਤੋੜ ਕੇ ਨਕਦੀ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਸਦਰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ। ਘਟਨਾ ਦੀ ਸੀਸੀਟੀਵੀ ਫੁਟੇਜ ਹੁਣ ਸਾਹਮਣੇ ਆਈ ਹੈ, ਜਿਸ ਵਿੱਚ ਨੌਜਵਾਨ ਏਟੀਐਮ ਦੀ ਮਸ਼ੀਨ ਨਾਲ ਛੇੜਛਾੜ ਕਰਦੇ ਦਿਖਾਈ ਦੇ ਰਹੇ ਹਨ।
ਜਾਣਕਾਰੀ ਅਨੁਸਾਰ, ਤਿੰਨਾਂ ਨੌਜਵਾਨਾਂ ਨੇ ਪਹਿਲਾਂ ਏਟੀਐਮ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ’ਤੇ ਕਾਲਾ ਸਪਰੇਅ ਕੀਤਾ ਤਾਂ ਜੋ ਉਨ੍ਹਾਂ ਦੀ ਪਛਾਣ ਨਾ ਹੋ ਸਕੇ। ਇਸ ਤੋਂ ਬਾਅਦ ਉਨ੍ਹਾਂ ਨੇ ਹਥੌੜੇ ਅਤੇ ਛੈਣੀ ਦੀ ਮਦਦ ਨਾਲ ਏਟੀਐਮ ਮਸ਼ੀਨ ਨੂੰ ਤੋੜ ਕੇ ਨਕਦੀ ਕੱਢਣ ਦੀ ਕੋਸ਼ਿਸ਼ ਕੀਤੀ। ਪਰ ਏਟੀਐਮ ਵਿੱਚ ਲੱਗੇ ਈ-ਨਿਗਰਾਨੀ ਸਿਸਟਮ ਨੇ ਤੁਰੰਤ ਮੁੰਬਈ ਸਥਿਤ ਕੰਟਰੋਲ ਰੂਮ ਨੂੰ ਅਲਰਟ ਭੇਜ ਦਿੱਤਾ। ਇਸ ਮਗਰੋਂ ਪਠਾਨਕੋਟ ਪੁਲਿਸ ਨੂੰ ਸੂਚਨਾ ਦਿੱਤੀ ਗਈ ਅਤੇ ਏਟੀਐਮ ਦਾ ਸੁਰੱਖਿਆ ਹੂਟਰ ਵੱਜਣ ਲੱਗ ਪਿਆ। ਹੂਟਰ ਦੀ ਆਵਾਜ਼ ਸੁਣ ਕੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਏਟੀਐਮ ਵਿੱਚ ਉਸ ਸਮੇਂ ਲੱਖਾਂ ਰੁਪਏ ਦੀ ਨਕਦੀ ਮੌਜੂਦ ਸੀ, ਜੋ ਸੁਰੱਖਿਅਤ ਬਚ ਗਈ।
ਸਦਰ ਥਾਣਾ ਪੁਲਸ ਵੱਲੋ ਏਐਸਆਈ ਬਲਵਿੰਦਰ ਕੁਮਾਰ ਦੀ ਅਗਵਾਈ ਹੇਠ ਪੁਲਿਸ ਟੀਮ ਅੱਡਾ ਸਰਨਾ ਤੋਂ ਪਿੰਡ ਬਹਿਲੋਲਪੁਰ ਵੱਲ ਜਾ ਰਹੀ ਸੀ। ਇਸ ਦੌਰਾਨ ਮੁਖਬਰ ਤੋਂ ਸੂਚਨਾ ਮਿਲੀ ਕਿ ਏਟੀਐਮ ਵਿੱਚ ਭੰਨਤੋੜ ਕਰਨ ਵਾਲੇ ਤਿੰਨ ਨੌਜਵਾਨ ਨੈਸ਼ਨਲ ਹਾਈਵੇਅ ਦੀ ਲਿੰਕ ਰੋਡ ’ਤੇ ਬਹਿਲੋਲਪੁਰ ਮੋੜ ਨੇੜੇ ਮੋਟਰਸਾਈਕਲ ’ਤੇ ਮੌਜੂਦ ਹਨ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੌਕੇ ’ਤੇ ਪਹੁੰਚ ਕੇ ਤਿੰਨਾਂ ਨੂੰ ਕਾਬੂ ਕਰ ਲਿਆ।
ਪੁਲਿਸ ਅਨੁਸਾਰ, ਮੁਲਜ਼ਮਾਂ ਦੀ ਪਛਾਣ ਸੰਜੂ, ਸਕੀਮ ਅਤੇ ਇੱਕ ਨਾਬਾਲਗ ਵਜੋਂ ਹੋਈ ਹੈ। ਪੁੱਛਗਿੱਛ ਦੌਰਾਨ ਉਨ੍ਹਾਂ ਨੇ ਨਰੋਟ ਮਹਿਰਾ ਪੁਲੀ ਨੇੜੇ ਐਸਬੀਆਈ ਦੇ ਏਟੀਐਮ ਵਿੱਚ ਲੁੱਟ ਦੀ ਕੋਸ਼ਿਸ਼ ਕਰਨ ਦੀ ਗੱਲ ਕਬੂਲ ਕੀਤੀ ।
Author: Rm Global Tv

